ਅਮਿਤ ਪੰਘਾਲ ਨੇ ਵਿਸ਼ਵ ਚੈਂਪੀਅਨਸ਼ਿਪ ’ਚ ਜਿੱਤਿਆ ਸਿਲਵਰ ਮੈਡਲ

  ਰੂਸ: ਸ਼ਨੀਵਾਰ ਨੂੰ ਏਸ਼ੀਅਨ ਚੈਂਪੀਅਨ ਅਮਿਤ ਪੰਘਾਲ ਨੇ ਰੂਸ ਦੇ ਏਕਾਤੇਰਿਨਬਰਗ ਵਿਖੇ ਆਯੋਜਿਤ ਵਰਲਡ ਬਾਕਸਿੰਗ ਚੈਂਪੀਅਨਸ਼ਿਪ ਸਾਲ 2019 ਦੇ 52 ਕਿਲੋਗ੍ਰਾਮ ਭਾਰ ਵਰਗ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ ਹੈ । ਜਿਸਨੂੰ ਜਿੱਤਦਿਆਂ ਹੀ ਉਨ੍ਹਾਂ ਨੇ ਇਤਿਹਾਸ ਰਚ ਦਿੱਤਾ । ਇਸ ਚੈਂਪੀਅਨਸ਼ਿਪ ਵਿੱਚ ਅਮਿਤ ਪੰਘਾਲ ਸਿਲਵਰ ਮੈਡਲ ਹਾਸਿਲ ਕਰਨ ਵਾਲੇ ਪਹਿਲੇ ਭਾਰਤੀ ਪੁਰਸ਼ ਮੁੱਕੇਬਾਜ਼ ਬਣ ਗਏ ਹਨ ।ਦਰਅਸਲ, ਅਮਿਤ ਇਸ ਟੂਰਨਾਮੈਂਟ ਵਿੱਚ ਦੂਜੇ ਨੰਬਰ ‘ਤੇ ਰਹੇ । ਅਮਿਤ ਪੰਘਾਲ ਨੂੰ ਫ਼ਾਈਨਲ ਮੁਕਾਬਲੇ ਵਿੱਚ ਰੀਓ ਉਲੰਪਿਕ ਦੇ ਜੇਤੂ ਉਜ਼ਬੇਕਿਸਤਾਨੀ ਮੁੱਕੇਬਾਜ਼ ਸ਼ਾਖੋਬਿਦਿਨ ਜੋਇਰੋਵ ਨੇ 5-0 ਨਾਲ ਹਰਾਇਆ । ਜਿਸ ਤੋਂ ਬਾਅਦ ਜੱਜਾਂ ਵੱਲੋਂ ਇੱਕਮਤ ਨਾਲ ਸ਼ਾਖੋਬਿਦਿਨ ਜੋਇਰੋਵ ਦੇ ਹੱਕ ਵਿੱਚ ਆਪਣਾ ਫ਼ੈਸਲਾ ਸੁਣਾਇਆ ਗਿਆ ਤੇ ਉਸਨੂੰ ਜੇਤੂ ਕਰਾਰ ਕਰ ਦਿੱਤਾ ਗਿਆ ।ਦੱਸ ਦੇਈਏ ਕਿ ਅਮਿਤ ਪੰਘਾਲ ਸੈਮੀਫ਼ਾਈਨਲ ਮੁਕਾਬਲੇ ਵਿੱਚ ਕਜ਼ਾਖ਼ਸਤਾਨ ਦੇ ਸਾਕੇਨ ਬਿਬੋਸਿਨੋਵ ਨੂੰ ਹਰਾ ਕੇ ਵਰਲਡ ਬਾਕਸਿੰਗ ਚੈਂਪੀਅਨਸ਼ਿਪ 2019 ਦੇ ਫ਼ਾਈਨਲ ਵਿੱਚ ਪਹੁੰਚੇ ਸਨ । ਇਸ ਮੁਕਾਬਲੇ ਦੀ ਸ਼ੁਰੂਆਤ ਵਿੱਚ ਭਾਰਤੀ ਮੁੱਕੇਬਾਜ਼ ਪਹਿਲੇ ਰਾਊਂਡ ਵਿੱਚ ਡਿਫ਼ੈਂਸਿਵ ਅੰਦਾਜ਼ ਵਿੱਚ ਖੇਡਦੇ ਨਜ਼ਰ ਆਏ । ਜਿਸ ਤੋਂ ਬਾਅਦ ਦੂਜੇ ਗੇੜ ਵਿੱਚ ਉਨ੍ਹਾਂ ਨੇ ਹਮਲਾਵਰ ਰੁਖ਼ ਅਪਣਾਇਆ, ਪਰ ਜੱਜਾਂ ਦਾ ਆਖ਼ਰੀ ਫ਼ੈਸਲਾ ਸਰਬਸੰਮਤੀ ਨਾਲ ਜੋਇਰੋਵ ਦੇ ਹੱਕ ਵਿੱਚ ਗਿਆ ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤ ਨੇ ਵਰਲਡ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਕਾਂਸੇ ਦਾ ਤਮਗ਼ਾ ਹੀ ਜਿੱਤਿਆ ਸੀ । ਇਸ ਤੋਂ ਪਹਿਲਾਂ ਮਨੀਸ਼ ਕੌਸ਼ਿਕ ਨੇ ਇਸੇ ਵਾਰ 63 ਕਿਲੋਗ੍ਰਾਮ ਭਾਰ ਵਰਗ ਵਿੱਚ ਕਾਂਸੇ ਦਾ ਤਮਗ਼ਾ ਜਿੱਤਿਆ ਸੀ । ਉਨ੍ਹਾਂ ਤੋਂ ਇਲਾਵਾ ਵਿਜੇਂਦਰ ਸਿੰਘ ਨੇ ਸਾਲ 2009 ਵਿੱਚ, ਵਿਕਾਸ ਕ੍ਰਿਸ਼ਨ ਨੇ 2011 ਵਿੱਚ, ਸ਼ਿਵ ਥਾਪਾ ਨੇ 2015 ਤੇ ਗੌਰਵ ਬਿਧੂੜੀ ਨੇ 2017 ਦੌਰਾਨ ਵਿਸ਼ਵ ਬਾਕਸਿੰਗ ਚੈਂਪੀਅਨਸ਼ਿਪ ’ਚ ਕਾਂਸੇ ਦੇ ਤਮਗ਼ੇ ਜਿੱਤੇ ਸਨ ।  LATEST ISSUE
VIEW ALL

  LIVE RADIO

  Advertisements
© All rights Reserved. chardikala.com.au